ਬੋਰਵੈੱਲ ‘ਚ ਡਿੱਗਾ 18 ਮਹੀਨਿਆਂ ਦਾ ਬੱਚਾ, NDRF ਤੇ ਫ਼ੌਜ ਬਚਾਅ ਲਈ ਪੁੱਜੀ

ਰਾਜਸਥਾਨ ਦੀ ਹੱਦ ਨਾਲ ਲੱਗਦੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਾਲਸਮੰਦ ਪਿੰਡ ਦੇ ਖੇਤਾਂ ਦੀਆਂ ਢਾਣੀਆਂ ਨੇੜੇ 18 ਮਹੀਨਿਆਂ ਦੇ ਬੱਚੇ ਦੇ 60 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਜਾਣ ਦੀ ਖ਼ਬਰ ਹੈ। ਬੱਚੇ ਦੀ ਪਛਾਣ ਨਜੀਬ ਖ਼ਾਨ ਵਜੋਂ ਹੋਈ ਹੈ। ਉਹ ਆਪਣੇ ਹਾਣ ਦੇ ਬੱਚਿਆਂ ਨਾਲ ਖੇਡ ਰਿਹਾ ਸੀ ਕਿ ਅਚਾਨਕ ਬੋਰਵੈੱਲ ਵਿੱਚ ਡਿੱਗ ਪਿਆ।

ਬੱਚਿਆਂ ਵੱਲੋਂ ਰੌਲਾ ਪਾਉਣ ‘ਤੇ ਮਾਂ ਨੇ ਜਾ ਕੇ ਦੇਖਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਘਟਨਾ ਬੀਤੀ ਸ਼ਾਮ ਦੀ ਹੈ ਅਤੇ ਉਦੋਂ ਤੋਂ ਬਚਾਅ ਕਾਰਜ ਸ਼ੁਰੂ ਕੀਤੇ ਜਾ ਚੁੱਕੇ ਹਨ। ਨਜੀਬ ਨੂੰ ਪਾਈਪ ਰਾਹੀਂ ਆਕਸੀਜਨ ਪਹੁੰਚਾਈ ਜਾ ਰਹੀ ਹੈ। ਕੌਮੀ ਆਫਤ ਪ੍ਰਬੰਧਨ ਟੀਮ ਦੇ ਮੈਂਬਰ ਰਾਤ ਨੂੰ ਹੀ ਪਹੁੰਚ ਗਏ ਸਨ ਅਤੇ ਸਵੇਰ ਹੁੰਦਿਆਂ ਹੀ ਫ਼ੌਜ ਵੀ ਪਹੁੰਚ ਗਈ।

ਕੁੱਲ 20 ਜਣਿਆਂ ਦੀ ਬਚਾਅ ਟੀਮ ਨਜੀਬ ਨੂੰ ਸੁਰੱਖਿਅਤ ਬੋਰਵੈੱਲ ਵਿੱਚੋਂ ਕੱਢਣ ਲਈ ਜੱਦੋ-ਜਹਿਦ ਕਰ ਰਹੀ ਹੈ। ਬਚਾਅ ਟੀਮ ਬੋਰਵੈੱਲ ਦੇ ਬਰਾਬਰ 70 ਫੁੱਟ ਦਾ ਟੋਆ ਪੁੱਟ ਰਹੀ ਹੈ, ਜਿਸ ਤੋਂ ਬੱਚੇ ਨੂੰ ਬਾਹਰ ਕੱਢਿਆ ਜਾਵੇਗਾ। ਅੱਠ ਜੇਸੀਬੀ ਮਸ਼ੀਨਾਂ ਅਤੇ ਪੰਜ ਟਰੈਕਟਰਾਂ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ।

ਬੱਚੇ ਦੀਆਂ ਹਰਕਤਾਂ ‘ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰਾ ਵੀ ਬੋਰਵੈੱਲ ਵਿੱਚ ਪਾਇਆ ਗਿਆ ਹੈ, ਜਿਸ ਨਾਲ ਡਾਕਟਰੀ ਟੀਮਾਂ ਨਜ਼ਰ ਰੱਖ ਰਹੀਆਂ ਹਨ। ਜ਼ਮੀਨ ਸਖ਼ਤ ਹੋਣ ਕਾਰਨ ਬਚਾਅ ਕਾਰਜਾਂ ਵਿੱਚ ਥੋੜ੍ਹੀ ਔਖ ਹੋ ਰਹੀ ਹੈ, ਪਰ ਅੱਜ ਰਾਤ ਤਕ ਰਾਹਤ ਕਾਰਜ ਪੂਰੇ ਹੋਣ ਦੀ ਆਸ ਹੈ।

Leave a Comment